ਨੇਪਾਲ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ; ਲੰਗਰ ਤੇ ਰਾਹਤ ਸੇਵਾਵਾਂ ਸ਼ੁਰੂ ਐਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ 'ਤੇ ਸ਼੍ਰੋਮਣੀ ਕਮੇਟੀ ਨੇ ਰਾਹਤ ਕਾਰਜ ਕੀਤੇ ਸ਼ੁਰੂ । ਨੇਪਾਲ ਵਿੱਚ ਆਈ ਭਾਰੀ ਕੁਦਰਤੀ ਆਫ਼ਤ ਅਤੇ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਮਾਨਵਤਾ ਦੀ ਸੇਵਾ ਤਹਿਤ ਵੱਡੇ ਪੱਧਰ 'ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਲੰਗਰ ਸੇਵਾ ਆਰੰਭ ਕਰਨ ਦੇ ਨਾਲ-ਨਾਲ ਲੋੜਵੰਦਾਂ ਤੱਕ ਜ਼ਰੂਰੀ ਰਾਹਤ ਸਮੱਗਰੀ ਪਹੁੰਚਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਹੇਠ ਇੱਕ ਵਿਸ਼ੇਸ਼ ਵਫ਼ਦ ਪਿਛਲੇ ਕੁੱਝ ਦਿਨਾਂ ਤੋਂ ਨੇਪਾਲ ਵਿਖੇ ਮੌਜੂਦ ਹੈ। ਇਸ ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੀਤ ਸਕੱਤਰ ਅਜ਼ਾਦ ਦੀਪ ਸਿੰਘ ਸ਼ਾਮਲ ਹਨ। ਸਰਹੱਦ ਰਾਹੀਂ ਰਾਹਤ ਸਮੱਗਰੀ ਲਿਆਉਣ ਦੀ ਮਿਲੀ ਮਾਨਤਾ ਨੇਪਾਲ ਤੋਂ ਜਾਣਕਾਰੀ ਸਾਂਝੀ ਕਰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਲੰਗਰ ਦਾ ਪਹਿਲਾ ਟਰੱਕ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਨੇਪਾਲ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸੁਝਾਅ ਦਿੱਤਾ ਗਿਆ ਸੀ ਕਿ ਮਾਨਵਤਾ ਦੀ ਸੇਵਾ ਲਈ ਆਉਣ ਵਾਲੀਆਂ ਸੰਸਥਾਵਾਂ ਨੂੰ ਸਰਹੱਦ ਰਾਹੀਂ ਰਾਹਤ ਸਮੱਗਰੀ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਨੂੰ ਨੇਪਾਲ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਇਸ ਪ੍ਰਵਾਨਗੀ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਹੋਰ ਤੇਜ਼ੀ ਆਈ ਹੈ। ਸਥਾਨਕ ਲੋਕਾਂ ਅਤੇ ਸੰਗਤ ਨੇ ਜਤਾਇਆ ਧੰਨਵਾਦ ਪ੍ਰਭਾਵਿਤ ਖੇਤਰਾਂ ਵਿੱਚ ਪੁੱਜੇ ਸੇਵਾਦਾਰਾਂ ਦਾ ਸਥਾਨਕ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ। ਪੀੜਤ ਲੋਕਾਂ ਅਨੁਸਾਰ ਇਸ ਮੁਸ਼ਕਿਲ ਘੜੀ ਵਿੱਚ ਗੁਰੂ ਕੇ ਲੰਗਰ ਅਤੇ ਰਾਹਤ ਸਮੱਗਰੀ ਉਨ੍ਹਾਂ ਲਈ ਵੱਡਾ ਸਹਾਰਾ ਬਣ ਕੇ ਆਏ ਹਨ। ਇਸ ਰਾਹਤ ਅਭਿਆਨ ਨੂੰ ਸਫ਼ਲ ਬਣਾਉਣ ਲਈ ਨੇਪਾਲ ਦੇ ਸਥਾਨਕ ਨਿਵਾਸੀ ਸ. ਪ੍ਰੀਤਮ ਸਿੰਘ, ਸ. ਅੰਗਦ ਸਿੰਘ, ਸ. ਹਰਪਾਲ ਸਿੰਘ ਪਾਲੀ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼੍ਰੋਮਣੀ ਕਮੇਟੀ ਦੀ ਟੀਮ ਨਾਲ ਦਿਨ-ਰਾਤ ਯੋਗਦਾਨ ਪਾ ਰਹੇ ਹਨ।